ਸਾਰਾਗੜ੍ਹੀ ਦੀ ਲੜਾਈ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਰਾਗੜ੍ਹੀ ਦੀ ਲੜਾਈ : ਸਿੱਖ ਸਿਪਾਹੀਆਂ ਦੀ ਇਕ ਛੋਟੀ ਜਿਹੀ ਟੁਕੜੀ ਦੁਆਰਾ 12 ਸਤੰਬਰ 1897 ਨੂੰ ਅਜੋਕੇ ਪਾਕਿਸਤਾਨ ਦੇ ਉੱਤਰ-ਪੱਛਮ ਸਰਹੱਦੀ ਪ੍ਰਾਂਤ ਦੇ ਤੀਰਾਹ ਇਲਾਕੇ ਵਿਚ ਬੜੀ ਬਹਾਦਰੀ ਨਾਲ ਲੜੀ ਗਈ ਲੜਾਈ ਸੀ। ਸਾਰਾਗੜ੍ਹੀ ਦੇ ਬਹਾਦਰ ਜੋਧੇ ਗਿਣਤੀ ਵਿਚ ਕੇਵਲ 22 ਹੀ ਸਨ ਜੋ 36ਵੀਂ ਸਿੱਖ ਪਲਟਨ ਨਾਲ ਸੰਬੰਧਿਤ ਸਨ ਜਿਸ ਦਾ ਨਾਂ ਉਦੋਂ ਤੋਂ ਬਦਲ ਕੇ ਭਾਰਤੀ ਫ਼ੌਜ ਦੀ ਸਿੱਖ ਰੈਜਮੈਂਟ ਦੀ ਚੌਥੀ ਬਟਾਲੀਅਨ ਰੱਖ ਦਿੱਤਾ ਗਿਆ ਹੈ। 1897 ਵਿਚ ਤੀਰਾਹ ਦੇ ਲੜਾਕੂ ਪਠਾਨ ਕਬੀਲਿਆਂ ਵੱਲੋਂ ਕੀਤੀ ਗਈ ਬਗ਼ਾਵਤ ਸਮੇਂ ਇਸ ਬਟਾਲੀਅਨ ਨੂੰ 8 ਕਿਲੋਮੀਟਰ ਲੰਮੀ ਸਮਾਨਾ ਟੇਕਰੀ ਦੀ ਰਾਖੀ ਲਈ ਤਾਇਨਾਤ ਕੀਤਾ ਗਿਆ ਸੀ ਜਿਹੜੀ ਕੁੱਰਮ ਅਤੇ ਖਾਂਕੀ ਵਾਦੀ ਨੂੰ ਆਪਸ ਵਿਚ ਵੱਖ ਕਰਦੀ ਹੈ। ਹੈਡ ਕੁਆਰਟਰ ਅਤੇ ਚਾਰ ਕੰਪਨੀਆਂ ਟੇਕਰੀ ਦੇ ਪੂਰਬੀ ਪਾਸੇ ਤੇ ਅਖੀਰ ਵਿਚ ਲੌਕਹਾਰਟ ਕਿਲੇ ਵਿਚ ਸੀ ਅਤੇ ਬਾਕੀ ਚਾਰ ਕੰਪਨੀਆਂ ਕਵਗਨਰੀ ਕਿਲੇ ਵਿਚ ਸਨ ਜੋ ਗੁਲਿਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਪੱਛਮੀ ਪਾਸੇ ਅਖੀਰ ਤੇ ਕਈ ਛੋਟੀਆਂ ਛੋਟੀਆਂ ਪਰ ਮਹੱਤਵਪੂਰਨ ਚੌਂਕੀਆਂ ਬਣੀਆਂ ਹੋਈਆਂ ਸਨ। ਸਾਰਾਗੜ੍ਹੀ ਇਕ ਛੋਟੀ ਜਿਹੀ ਚੌਂਕੀ ਸੀ ਜੋ ਸਮਾਨਾ ਟੇਕਰੀ ਲੰਘ ਕੇ ਪਹਾੜੀ ਉੱਤੇ ਲੌਕਹਾਰਟ ਕਿਲੇ ਅਤੇ ਗੁਲਿਸਤਾਨ ਦੇ ਵਿਚਕਾਰ ਅੱਧ ਵਿਚ ਬਣੀ ਹੋਈ ਸੀ ਜਿਹੜੀ ਇਹਨਾਂ ਦੋਵਾਂ ਦੇ ਸਿੱਧੇ ਸੰਪਰਕ ਨੂੰ ਰੋਕਦੀ ਸੀ। ਇਹਨਾਂ ਦੋਵਾਂ ਆਧਾਰਵਾਲੀਆਂ ਥਾਵਾਂ ਦੀ ਨਿਗਰਾਨੀ ਕਰ ਸਕਣ ਵਾਲੇ ਸਾਰਾਗੜ੍ਹੀ ਵਿਖੇ 20 ਸਿਪਾਹੀ ਅਤੇ ਇਕ ਨਾ ਲੜ ਸਕਣ ਵਾਲਾ ਸਫਾਈ ਸੇਵਕ ਇਕ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਹੇਠਾਂ ਤਾਇਨਾਤ ਸਨ ਅਤੇ ਸੰਪਰਕ ਸੰਚਾਰ ਦੇ ਪੱਖੋਂ ਇਹ ਬਹੁਤ ਮਹੱਤਵਪੂਰਨ ਜਗ੍ਹਾ ਸੀ ਕਿਉਂਕਿ ਉਹਨਾਂ ਦਿਨਾਂ ਵਿਚ ਸੰਪਰਕ ਕੇਵਲ ਦਿਖਾਈ ਦੇਣ ਵਾਲੇ ਸੰਕੇਤਾਂ ਰਾਹੀਂ ਹੀ ਸੰਭਵ ਸੀ।

    ਓਰਕਜ਼ਈ ਅਤੇ ਅਫਰੀਦੀ ਕਬੀਲਿਆਂ ਦੇ ਕਈ ਹਜ਼ਾਰ ਵਿਅਕਤੀਆਂ ਨੇ 3 ਅਤੇ 9 ਸਤੰਬਰ ਨੂੰ ਗੁਲਿਸਤਾਨ ਉੱਤੇ ਦੋ ਵਾਰਾਂ ਹਮਲਾ ਕੀਤਾ ਪਰੰਤੂ ਦੋਵਾਂ ਪਾਸਿਆਂ ਦੇ ਭਾਰੀ ਨੁਕਸਾਨ ਦੇ ਬਾਵਜੂਦ ਇਹਨਾਂ ਨੂੰ ਦੋਵੇਂ ਵਾਰ ਪਿੱਛੇ ਧੱਕ ਦਿੱਤਾ ਗਿਆ। ਆਪਣੀ ਭਾਂਜ ਤੋਂ ਖਿਝ ਕੇ ਇਹਨਾਂ ਨੇ ਆਪਣੀ ਸਫ਼ਲਤਾ ਲਈ ਕਿਸੇ ਛੋਟੀ ਜਗ੍ਹਾ ਨੂੰ ਨਿਸ਼ਾਨਾ ਬਣਾਉਣਾ ਚਾਹਿਆ। 12 ਸਤੰਬਰ 1897 ਦੀ ਸਵੇਰ ਨੂੰ ਇਹਨਾਂ ਨੇ ਸਾਰਾਗੜ੍ਹੀ ਉੱਤੇ ਧਾਵਾ ਬੋਲ ਦਿੱਤਾ ਜੋ ਇਕ ਵਰਗਾਕਾਰ ਕਾਲੇ ਪੱਥਰ ਦਾ ਇਕ ਛੋਟਾ ਜਿਹਾ ਘਰ ਹੀ ਸੀ ਅਤੇ ਉੱਥੇ ਘਿਰੇ ਹੋਏ ਸਿਪਾਹੀਆਂ ਦੀ ਮਦਦ ਲਈ ਫ਼ੌਜ ਭੇਜਣੀ ਅਸੰਭਵ ਸੀ। ਬਹੁਤ ਹੀ ਬੁਰੇ ਹਾਲਾਤਾਂ ਵਿਚ ਘਿਰੇ ਹੋਣ ਦੀ ਪਰਵਾਹ ਨਾ ਕਰਕੇ ਹਵਾਲਦਾਰ ਈਸ਼ਰ ਸਿੰਘ ਅਤੇ ਉਸਦੇ ਜਵਾਨ ਪੂਰੀ ਦ੍ਰਿੜਤਾ ਅਤੇ ਹੌਂਸਲੇ ਨਾ ਲੜੇ। ਹਮਲਾਵਰਾਂ ਵੱਲੋਂ ਲਗਾਤਾਰ ਗੋਲੀਬਾਰੀ ਨਾਲ ਭਾਰੀ ਜਾਨੀ ਨੁਕਸਾਨ ਹੋਇਆ ਅਤੇ 6 ਘੰਟੇ ਦੀ ਲੰਮੀ ਲੜਾਈ ਉਪਰੰਤ ਕੇਵਲ ਇਕੋ ਸਿਪਾਹੀ ਗੁਰਮੁਖ ਸਿੰਘ ਬਚਿਆ ਜਿਸਨੇ ਬਟਾਲੀਅਨ ਹੈਡਕੁਆਰਟਰ ਨੂੰ ਝੰਡਾ ਲਹਿਰਾ ਕੇ ਸੁਨੇਹਾ ਦੇਣਾ ਜਾਰੀ ਰੱਖਿਆ ਸੀ। ਅਖੀਰ ਵਿਚ ਇਸ ਨੇ ਸਿਗਨਲ ਨਾ ਦੇਣ ਦੀ ਆਗਿਆ ਮੰਗੀ ਅਤੇ ਆਪਣੀ ਰਾਈਫਲ ਲੈ ਕੇ ਇਸ ਯੁੱਧ ਵਿਚ ਸ਼ਾਮਲ ਹੋ ਗਿਆ। ਇਕੱਲਾ ਹੀ ਲੜਦਾ ਹੋਇਆ ਇਹ ਸ਼ਹੀਦ ਹੋ ਗਿਆ।

    ਸਾਰਾਗੜ੍ਹੀ ਦੇ ਸਿਪਾਹੀਆਂ ਦੀ ਬਹਾਦਰੀ ਅਤੇ ਦ੍ਰਿੜਤਾ ਦੀ ਦੂਰ-ਦੂਰ ਤਕ ਪ੍ਰਸੰਸਾ ਹੋਈ। ਉਹਨਾਂ ਵਿਚੋਂ ਹਰ ਇਕ ਨੂੰ ‘ਇੰਡੀਅਨ ਆਰਡਰ ਆਫ ਮੈਰਿਟ` ਦੇ ਕੇ ਸਨਮਾਨਿਆ ਗਿਆ। ਉਹਨਾਂ ਦੇ ਅਗਲੇ ਨੇੜੇ ਦੇ ਰਿਸ਼ਤੇਦਾਰ ਨੂੰ 500 ਰੁਪਏ ਨਕਦ ਅਤੇ ਦੋ ਮੁਰੱਬੇ (50 ਏਕੜ) ਜ਼ਮੀਨ ਦਿੱਤੀ ਗਈ। ਉਹਨਾਂ ਦੀ ਬਟਾਲੀਅਨ 36ਵੀਂ ਸਿਖਸ ਨੂੰ ਵੀ ਚੰਗੇ ਤਮਗੇ ਮਿਲੇ। ਇਸ ਜਗ੍ਹਾ ਤੇ ਉਹਨਾਂ ਸ਼ਹੀਦਾਂ ਦੀ ਯਾਦ ਵਿਚ ਸਰਕਾਰ ਵਲੋਂ ਇਕ ਮਜਬੂਤ ਅਧਾਰ ਵਾਲੀ ਨੋਕੀਲੀ ਯਾਦਗਾਰ ਸਥਾਪਿਤ ਕੀਤੀ ਗਈ ਅਤੇ ਇਹਨਾਂ ਦੀ ਯਾਦ ਵਿਚ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਗੁਰਦੁਆਰੇ ਬਣਾਏ ਗਏ। ਹਰ ਸਾਲ 12 ਸਤੰਬਰ ਨੂੰ ਸਿੱਖ ਰੈਜਮੈਂਟ ਸਾਰਾਗੜੀ ਦਿਵਸ ਵਜੋਂ ਬੜੇ ਮਾਣ ਸਨਮਾਨ ਨਾਲ ਮਨਾਉਂਦੀ ਹੈ।


ਲੇਖਕ : ਨ.ਪਲ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.